ਫੁਕੇਟ-ਦਿੱਲੀ ਫਲਾਈਟ ਦੀ ਘਟਨਾ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਸਾਰੇ ਪਾਇਲਟਾਂ ਦੀ ਹੁਣ ਰੋਜ਼ਾਨਾ ਜਾਂਚ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਤਾਂ ਨਹੀਂ ਕੀਤਾ ਹੈ। ਇਹ ਟੈਸਟ ਅੱਜ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਏਅਰਲਾਈਨਾਂ ਵਿੱਚ ਪੰਜ ਹਜ਼ਾਰ ਤੋਂ ਵੱਧ ਪਾਇਲਟ ਕੰਮ ਕਰ ਰਹੇ ਹਨ। ਇਹ ਸਖ਼ਤ ਫ਼ੈਸਲਾ ਪਿਛਲੇ ਹਫ਼ਤੇ ਫੁਕੇਟ ਤੋਂ ਦਿੱਲੀ ਆ ਰਹੀ ਇੱਕ ਉਡਾਣ ਦੇ ਪਾਇਲਟ ਦਾ ਡਰੱਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਲਿਆ ਗਿਆ ਹੈ। ਦਰਅਸਲ, ਜਦੋਂ ਇਹ ਫਲਾਈਟ ਭੁਵਨੇਸ਼ਵਰ ਕੋਲੋਂ ਗੁਜ਼ਰ ਰਹੀ ਸੀ ਤਾਂ ਅਚਾਨਕ ਮੌਸਮ ਦੇ ਖ਼ਰਾਬ ਹੋਣ (ਟਰਬੂਲੈਂਸ) ਵਰਗੇ ਹਾਲਾਤ ਪੈਦਾ ਹੋ ਗਏ ਸਨ ਅਤੇ ਜਹਾਜ਼ ਅਚਾਨਕ ਹੀ 300 ਫੁੱਟ ਹੇਠਾਂ ਆ ਗਿਆ ਸੀ, ਜਿਸ ਕਾਰਨ ਕਈ ਯਾਤਰੀਆਂ ਅਤੇ ਕਰਿਊ ਮੈਂਬਰਾਂ ਨੂੰ ਸੱਟਾਂ ਲੱਗੀਆਂ ਸਨ।