ਦੱਖਣੀ ਇੰਗਲੈਂਡ ਵਿਚ ਅੱਜ ਇਕ ਰੇਲ ਗੱਡੀ ਦੇ ਡੱਬੇ ਲੀਹੋਂ ਲੱਥ ਗਏ। ਇਹ ਘਟਨਾ ਦੱਖਣੀ ਇੰਗਲੈਂਡ ਦੇ East Sussex ਵਿੱਚ ਲੇਵਿਸ ਰੇਲਵੇ ਸਟੇਸ਼ਨ ਨੇੜੇ ਵਾਪਰੀ। ਇਹ ਸਦਰਨ ਰੇਲਵੇ ਦੀ ਯਾਤਰੀ ਟਰੇਨ ਸੀ ਜੋ ਲੰਡਨ ਵਿਕਟੋਰੀਆ ਤੋਂ ਈਸਟਬੌਰਨ ਵੱਲ ਜਾ ਰਹੀ ਸੀ। ਇਸ 8 ਡੱਬਿਆਂ ਵਾਲੀ ਟਰੇਨ ਦੇ ਪਿਛਲੇ 3 ਡੱਬੇ ਪਟੜੀ ਤੋਂ ਉਤਰ ਕੇ ਦੂਜੇ ਪਾਸੇ ਵੱਲ ਨੂੰ ਪਲਟ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਬ੍ਰਿਟਿਸ਼ ਟਰਾਂਸਪੋਰਟ ਪੁਲੀਸ, ਈਸਟ ਸਸੇਕਸ ਫਾਇਰ ਐਂਡ ਰੈਸਕਿਊ ਸਰਵਿਸ ਅਤੇ ਸਾਊਥ ਈਸਟ ਕੋਸਟ ਐਂਡ ਐਂਬੂਲੈਂਸ ਸਰਵਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਮੌਕੇ 'ਤੇ ਕਈ ਐਂਬੂਲੈਂਸਾਂ ਅਤੇ ਏਅਰ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਦਿਖਾਈ ਦਿੱਤਾ ਕਿ ਕੁਝ ਯਾਤਰੀ ਪਲਟੇ ਹੋਏ ਡੱਬਿਆਂ ਦੇ ਉੱਪਰ ਖੜ੍ਹੇ ਸਨ ਅਤੇ ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਮਦਦ ਕਰ ਰਹੇ ਸਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਕਿਸੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ, ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ।